Prime Echo News:-
ਵਾਸ਼ਿੰਗਟਨ D.C. :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀਅਨ ਯੂਨੀਅਨ (EU) ਖ਼ਿਲਾਫ਼ ਇੱਕ ਵਾਰ ਫਿਰ ਆਰਥਿਕ ਜੰਗ ਦਾ ਐਲਾਨ ਕਰ ਦਿੱਤਾ ਹੈ। ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਧਮਾਕੇਦਾਰ ਪੋਸਟ ਸਾਂਝੀ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਦੋਸ਼ ਲਾਇਆ ਕਿ ਯੂਰਪੀਅਨ ਯੂਨੀਅਨ ਬਿਨਾਂ ਕਿਸੇ ਵਜ੍ਹਾ ਤੋਂ ਮਹਾਨ ਅਮਰੀਕੀ ਤਕਨਾਲੋਜੀ ਕੰਪਨੀਆਂ (Tech Giants) ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਅਮਰੀਕਾ ਨੂੰ ਆਪਣੇ ਲਈ "ਪਿਗੀਬੈਂਕ" (Piggybank) ਸਮਝ ਰਹੀ ਹੈ। ਟਰੰਪ ਨੇ ਸਾਫ਼ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਗੈਰ-ਕਾਨੂੰਨੀ ਅਤੇ ਵਿਤਕਰੇ ਵਾਲੇ ਅਭਿਆਸ ਨੂੰ ਹੁਣ ਬਰਦਾਸ਼ਤ ਨਹੀਂ ਕਰੇਗਾ।
ਐਪਲ, ਮੈਟਾ, ਐਮਾਜ਼ਾਨ ਅਤੇ ਗੂਗਲ 'ਤੇ ਅਰਬਾਂ ਡਾਲਰਾਂ ਦੇ ਜੁਰਮਾਨੇ!
ਆਪਣੀ ਪੋਸਟ ਵਿੱਚ ਜੁਰਮਾਨਿਆਂ ਦਾ ਪੂਰਾ ਲੇਖਾ-ਜੋਖਾ ਦੱਸਦਿਆਂ ਡੋਨਾਲਡ ਟਰੰਪ ਨੇ ਲਿਖਿਆ:
1.ਐਪਲ (Apple) :- ਬਿਨਾਂ ਕਿਸੇ ਜਾਇਜ਼ ਕਾਰਨ $15 ਬਿਲੀਅਨ (15 ਅਰਬ ਡਾਲਰ) ਦਾ ਜੁਰਮਾਨਾ।
2.ਮੈਟਾ (Meta) :- $3 ਬਿਲੀਅਨ (3 ਅਰਬ ਡਾਲਰ) ਦਾ ਜੁਰਮਾਨਾ।
3.ਐਮਾਜ਼ਾਨ (Amazon) :- $2.5 ਬਿਲੀਅਨ (2.5 ਅਰਬ ਡਾਲਰ) ਦਾ ਜੁਰਮਾਨਾ।
4.ਗੂਗਲ (Google) :- ਤਾਜ਼ਾ ਜਾਣਕਾਰੀ ਅਨੁਸਾਰ $1 ਬਿਲੀਅਨ ਦਾ ਹੋਰ ਜੁਰਮਾਨਾ ਲਗਾਇਆ ਗਿਆ ਹੈ, ਜਿਸ ਨਾਲ ਗੂਗਲ 'ਤੇ ਕੁੱਲ ਜੁਰਮਾਨੇ ਦੀ ਰਕਮ $18 ਅਰਬ ਡਾਲਰ ਤੋਂ ਪਾਰ ਹੋ ਗਈ ਹੈ।
ਟਰੰਪ ਨੇ ਇਸ ਲਈ ਜੋਅ ਬਿਡੇਨ ਦੇ ਪੁਰਾਣੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਅਮਰੀਕੀ ਕੰਪਨੀਆਂ ਨੂੰ ਲੁੱਟਣ ਦਾ ਇਹ ਸਿਲਸਿਲਾ ਜੋਅ ਬਿਡੇਨ ਦੇ ਸ਼ਾਸਨਕਾਲ 'ਚ ਸ਼ੁਰੂ ਹੋਇਆ ਸੀ, ਪਰ ਹੁਣ ਉਨ੍ਹਾਂ ਦੇ ਪ੍ਰਸ਼ਾਸਨ ਵਿੱਚ ਇਹ ਬਿਲਕੁਲ ਨਹੀਂ ਚੱਲੇਗਾ।
301 ਜਾਂਚ ਅਤੇ ਵੱਡੇ ਟੈਰਿਫ (Tariffs) ਲਾਉਣ ਦੀ ਧਮਕੀ!
ਯੂਰਪੀਅਨ ਯੂਨੀਅਨ ਦੇ ਇਸ ਰਵੱਈਏ ਦਾ ਠੋਕਵਾਂ ਜਵਾਬ ਦਿੰਦਿਆਂ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ:
"ਸੰਯੁਕਤ ਰਾਜ ਅਮਰੀਕਾ ਯੂਰਪ ਲਈ 'ਪਿਗੀਬੈਂਕ' ਨਹੀਂ ਹੈ ਅਤੇ ਨਾ ਹੀ ਅਸੀਂ ਇਸਨੂੰ ਹੋਣ ਦੇਵਾਂਗੇ! ਅਸੀਂ ਤੁਰੰਤ ਅਮਰੀਕੀ ਕੰਪਨੀਆਂ ਅਤੇ ਅਮਰੀਕੀ ਟੈਕਸਦਾਤਾਵਾਂ ਨੂੰ ਲੁੱਟਣ ਦੀ ਖ਼ਿਲਾਫ਼ 'Section 301' ਦੀ ਜਾਂਚ ਸ਼ੁਰੂ ਕਰਾਂਗੇ। ਯੂਰਪੀਅਨ ਯੂਨੀਅਨ ਨੂੰ ਇਸ ਅਨੈਤਿਕ ਆਚਰਣ ਲਈ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।"
ਟਰੰਪ ਨੇ ਅੱਗੇ ਦਾਅਵਾ ਕੀਤਾ ਕਿ ਯੂਰਪੀਅਨ ਯੂਨੀਅਨ ਵੱਲੋਂ ਅਮਰੀਕੀ ਕੰਪਨੀਆਂ 'ਤੇ ਲਗਾਏ ਗਏ ਸਾਰੇ ਜੁਰਮਾਨੇ ਪੂਰੀ ਤਰ੍ਹਾਂ ਰੱਦ ਕੀਤੇ ਜਾਣਗੇ ਅਤੇ ਬਦਲੇ ਵਿੱਚ ਜਲਦੀ ਤੋਂ ਜਲਦੀ ਯੂਰਪ 'ਤੇ ਇੱਕ ਵੱਡਾ ਟੈਰਿਫ (Tariff) ਲਗਾਇਆ ਜਾਵੇਗਾ।
ਟਰੰਪ ਦੇ ਇਸ ਬਿਆਨ ਨਾਲ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਇੱਕ ਨਵੀਂ 'ਟ੍ਰੇਡ ਵਾਰ' (Trade War) ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ। ਜੇਕਰ ਅਮਰੀਕਾ ਯੂਰਪੀ ਉਤਪਾਦਾਂ 'ਤੇ ਭਾਰੀ ਟੈਰਿਫ ਲਗਾਉਂਦਾ ਹੈ, ਤਾਂ ਇਸ ਦਾ ਅਸਰ ਗਲੋਬਲ ਸ਼ੇਅਰ ਬਾਜ਼ਾਰਾਂ ਅਤੇ ਅੰਤਰਰਾਸ਼ਟਰੀ ਵਪਾਰ 'ਤੇ ਪੈਣਾ ਤੈਅ ਹੈ।
Comments