Prime Echo News

ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਭਾਈ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਸ਼ਾਮਲ, AAP ਤੇ ਲਾਏ ਵਾਅਦਾਖ਼ਿਲਾਫ਼ੀ ਦੇ ਗੰਭੀਰ ਦੋਸ਼!

⚡ ਮੁੱਖ ਨੁਕਤੇ (ਸੰਖੇਪ ਸਾਰ):

ਇਨਸਾਫ਼ ਨਾ ਮਿਲਣ ਕਾਰਨ ਪੰਥਕ ਧਿਰ 'ਚ ਪ੍ਰਗਟਾਇਆ ਭਰੋਸਾ: ਬਾਪੂ ਤਰਸੇਮ ਸਿੰਘ ਦੀ ਹਾਜ਼ਰੀ 'ਚ ਫੜਿਆ ਪੱਲਾ, ਕਿਹਾ- ਸਰਕਾਰ ਬਣਨ ਮਗਰੋਂ ਆਪ ਆਗੂਆਂ ਨੇ ਫ਼ੋਨ ਚੁੱਕਣਾ ਵੀ ਕੀਤਾ ਬੰਦ

04 Oct 2026 | 09:14 PM By Prime Echo News
ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਭਾਈ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਸ਼ਾਮਲ, AAP ਤੇ ਲਾਏ ਵਾਅਦਾਖ਼ਿਲਾਫ਼ੀ ਦੇ ਗੰਭੀਰ ਦੋਸ਼!
Prime Echo News:-

ਪੰਜਾਬ/ਫ਼ਰੀਦਕੋਟ: ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਰਦਾਰ ਸਾਧੂ ਸਿੰਘ ਨੇ ਮੌਜੂਦਾ ਸਰਕਾਰਾਂ ਵੱਲੋਂ ਇਨਸਾਫ਼ ਨਾ ਦਿੱਤੇ ਜਾਣ ਤੋਂ ਦੁਖੀ ਹੋ ਕੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਦਾ ਪੱਲਾ ਫੜ ਲਿਆ ਹੈ। ਅੱਜ ਇੱਕ ਵਿਸ਼ੇਸ਼ ਇਕੱਠ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਬਾਪੂ ਤਰਸੇਮ ਸਿੰਘ, 13 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਐਡਵੋਕੇਟ ਹਰਪਾਲ ਸਿੰਘ ਖਾਰਾ, ਹਲਕਾ ਇੰਚਾਰਜ ਜੈਤੋ ਬੀਬੀ ਸੰਦੀਪ ਕੌਰ, ਹਲਕਾ ਇੰਚਾਰਜ ਫ਼ਰੀਦਕੋਟ ਦਲੇਰ ਸਿੰਘ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕੀਤਾ।

1. ਸਰਦਾਰ ਸਾਧੂ ਸਿੰਘ ਨੇ ਆਮ ਆਦਮੀ ਪਾਰਟੀ 'ਤੇ ਲਾਏ ਗੰਭੀਰ ਦੋਸ਼:

ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਸੰਬੋਧਨ ਕਰਦਿਆਂ ਸਰਦਾਰ ਸਾਧੂ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪਾਰਟੀ ਦਾ ਹਰ ਛੋਟਾ-ਵੱਡਾ ਆਗੂ ਉਨ੍ਹਾਂ ਦੇ ਘਰ ਗੇੜੇ ਮਾਰਦਾ ਸੀ ਅਤੇ ਸੱਤਾ ਵਿੱਚ ਆਉਂਦਿਆਂ ਹੀ 24 ਘੰਟਿਆਂ ਅੰਦਰ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦਾ ਇਨਸਾਫ਼ ਦਿਵਾਉਣ ਦੇ ਵੱਡੇ-ਵੱਡੇ ਦਾਅਵੇ ਕਰਦਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ੁਦ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਨੂੰ ਭਰੋਸਾ ਦੇ ਕੇ ਗਏ ਸਨ ਕਿ ਆਪ ਸਰਕਾਰ ਆਉਂਦੇ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਇਨਸਾਫ਼ ਮਿਲੇਗਾ।

ਉਨ੍ਹਾਂ ਦੱਸਿਆ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੀ ਖੁਰਲੀ ਕੋਲ ਬੈਠ ਕੇ ਲੰਮੀਆਂ ਗੱਲਾਂ ਕਰਦੇ ਹੁੰਦੇ ਸਨ ਅਤੇ ਇਨਸਾਫ਼ ਲਈ ਲੜਨ ਦੀਆਂ ਕਸਮਾਂ ਖਾਂਦੇ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਸੱਤਾ ਦੀ ਕੁਰਸੀ ਮਿਲਣ ਤੋਂ ਬਾਅਦ ਨਾ ਤਾਂ ਪਾਰਟੀ ਹਾਈਕਮਾਂਡ ਨੇ ਅਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਦੇ ਉਨ੍ਹਾਂ ਦੀ ਸਾਰ ਲਈ, ਇੱਥੋਂ ਤੱਕ ਕਿ ਉਨ੍ਹਾਂ ਦੇ ਫ਼ੋਨ ਚੁੱਕਣੇ ਵੀ ਬੰਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸੀ ਧਿਰਾਂ ਨੇ ਸ਼ਹੀਦਾਂ ਦੇ ਖ਼ੂਨ 'ਤੇ ਸਿਰਫ਼ ਵੋਟਾਂ ਦੀ ਸਿਆਸਤ ਕੀਤੀ ਹੈ। ਹੁਣ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਵਿੱਚ ਪੰਥਕ ਸੋਚ ਵਾਲੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸਰਕਾਰ ਬਣਨ ਨਾਲ ਹੀ ਸ਼ਹੀਦਾਂ ਨੂੰ ਇਨਸਾਫ਼ ਮਿਲ ਸਕਦਾ ਹੈ।

2. ਬਾਪੂ ਤਰਸੇਮ ਸਿੰਘ ਨੇ ਦਿਵਾਇਆ ਇਨਸਾਫ਼ ਦਾ ਭਰੋਸਾ:

ਇਸ ਮੌਕੇ ਪਾਰਟੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਸਰਦਾਰ ਸਾਧੂ ਸਿੰਘ ਨੂੰ ਪਾਰਟੀ ਵਿੱਚ ਜੀ ਆਇਆਂ ਆਖਦਿਆਂ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਪੰਜਾਬ ਵਿੱਚ ਪੰਥਕ ਸਰਕਾਰ ਬਣੇਗੀ, ਸਭ ਤੋਂ ਪਹਿਲਾ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਅਤੇ ਬਹਿਬਲ ਕਲਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ।

ਇਸ ਸਮਾਗਮ ਦੌਰਾਨ ਰਣਜੋਧ ਸਿੰਘ ਭੁੱਲਰ ਮੀਤ ਪ੍ਰਧਾਨ ਲੀਗਲ ਸੈੱਲ ਪੰਜਾਬ, ਕਰਨਵੀਰ ਸਿੰਘ ਸਕੱਤਰ ਲੀਗਲ ਸੈੱਲ ਪੰਜਾਬ, ਅਤੇ ਪਾਰਟੀ ਦੇ ਕਈ ਹੋਰ ਪ੍ਰਮੁੱਖ ਆਗੂ ਤੇ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਸ਼ਹੀਦ ਪਰਿਵਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ।

Comments

Leave a Comment